ਡਾ. ਅੰਬੇਡਕਰ ਦਾ 133ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ

ਡਾ. ਅੰਬੇਡਕਰ ਦਾ 133ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ

ਇੱਥੇ ਸ੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਕਮਿਊਨਿਟੀ ਰੇਡੀਓ ਫੋਰ ਈਬੀ ’ਚ ਡਾ. ਭੀਮ ਰਾਓ ਅੰਬੇਡਕਰ ਦਾ 133ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਮੰਚ ਸੰਚਾਲਕ ਰਿਤਿਕਾ ਅਹੀਰ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦੱਬੇ ਕੁਚਲੇ ਲੋਕਾਂ ਲਈ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ। ਸੰਸਥਾ ਪ੍ਰਧਾਨ ਹਰਦੀਪ ਵਾਗਲਾ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ।
                 ਸਮਾਗਮ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਬਾਬਾ ਸਾਹਿਬ ਦੇ ਜੀਵਨ ਫਲਸਫੇ ਬਾਰੇ ਦੱਸਿਆ ਕਿ ਉਨ੍ਹਾਂ ਆਪਣਾ ਸਾਰਾ ਜੀਵਨ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ’ਚ ਲਾ ਦਿੱਤਾ। ਉਨ੍ਹਾਂ ਵੰਡ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਆਗੂ ਤੇ ਯੂਨੀਅਨਿਸਟ ਪਾਰਟੀ ਦੇ ਮੋਢੀ ਸਰ ਛੋਟੂ ਰਾਮ ਵੱਲੋਂ ਖੇਤੀ ਬਾਰੇ ਕੀਤੇ ਉਪਰਾਲੇ ਜਿਵੇਂ ਸ਼ਾਹੂਕਾਰ ਰਜਿਸਟਰੇਸ਼ਨ ਐਕਟ ਅਤੇ ਗਿਰਵੀ ਜ਼ਮੀਨਾਂ ਦੀ ਮੁਫਤ ਵਾਪਸੀ ਐਕਟ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਅੰਗਰੇਜ਼ੀ ਹਕੂਮਤ ਤੋਂ ਕਿਸਾਨ ਹਿੱਤਾਂ ਲਈ ਅਹਿਮ 22 ਕਾਨੂੰਨ ਪਾਸ ਕਰਵਾਏ ਸਨ। ਬਲਵਿੰਦਰ ਸਿੰਘ ਮੋਰੋਂ ਅਨੁਸਾਰ ਬਾਬਾ ਸਾਹਿਬ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਚੰਗਾ ਅਧਿਐਨ ਕਰਨ ਮਗਰੋਂ ਅਹਿਮ ਗੱਲਾਂ ਭਾਰਤ ਦੇ ਸੰਵਿਧਾਨ ਵਿਚ ਦਰਜ ਕੀਤੀਆਂ ਸਨ। ਇਕਬਾਲ ਸਿੰਘ ਧਾਮੀ ਨੇ ਭਾਰਤੀਆਂ ਨੂੰ ਜਾਤੀ ਆਧਾਰਿਤ ਪੱਖਪਾਤ ਤੋਂ ਬਾਹਰ ਨਿਕਲਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਜਿਵੇਂ ਡਾ. ਅੰਬੇਡਕਰ ਨੇ ਗ਼ਰੀਬੀ ਅਤੇ ਜਾਤੀ ਭੇਦਭਾਵ ਦਾ ਸਾਹਮਣਾ ਕਰਦੇ ਹੋਏ ਉੱਚ ਵਿੱਦਿਆ ਹਾਸਿਲ ਕੀਤੀ ਓਵੇਂ ਹੀ ਸਾਨੂੰ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ। ਗੁਰਦੀਪ ਜਗੇੜਾ ਅਨੁਸਾਰ ਅੰਬੇਡਕਰ ਦੇ ਫਲਸਫੇ ਨੂੰ ਭਾਰਤ ਦੇ ਮੂਲ ਨਿਵਾਸੀਆਂ ਨੇ ਨਹੀਂ ਅਪਣਾਇਆ। ਇਸੇ ਕਰਕੇ ਦੇਸ਼ ਦੇ ਬਹੁਗਿਣਤੀ ਮੂਲ ਨਿਵਾਸੀ ਅੱਜ ਗਰੀਬੀ ਰੇਖਾ ਤੋਂ ਥੱਲੇ ਜ਼ਿੰਦਗੀ ਬਤੀਤ ਕਰ ਰਹੇ ਹਨ। ਸੁਖਜਿੰਦਰ ਸਿੰਘ ਅਤੇ ਸੁਖਵਿੰਦਰ ਸੋਨੂੰ ਮੁਤਾਬਿਕ ਜੇਕਰ ਭਾਰਤ ਦੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਬਾਬਾ ਸਾਹਿਬ ਦੇ ਸਿਧਾਤਾਂ ’ਤੇ ਪਹਿਰਾ ਦੇਣਾ ਪਵੇਗਾ। ਸਮਾਗਮ ਨੂੰ ਤਾਨਿਸ਼ ਬਾਸੀ, ਪ੍ਰਿਯੰਕਾ ਜੱਸਲ, ਨਵਕਰਨ ਅਤੇ ਮਨਦੀਪ ਕੁਮਾਰ ਨੇ ਵੀ ਸੰਬੋਧਨ ਕੀਤਾ।
                                                                                                                 ਇਸ ਮੌਕੇ ਕਮਿਊਨਿਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਸਿੰਘ ਨੇ ਰੇਡੀਓ ’ਤੇ ਪੰਜਾਬੀ ਭਾਸ਼ਾ ਦੇ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਬਿਆਨਿਆ ਅਤੇ ਸਮਾਗਮ ਲਈ ਵਧਾਈ ਦਿੱਤੀ। ਗ਼ਜ਼ਲਗੋ ਜਸਵੰਤ ਵਾਗਲਾ ਨੇ ਮਿਸ਼ਨਰੀ ਗ਼ਜ਼ਲਾਂ ਨਾਲ ਸਮਾਂ ਬੰਨ੍ਹਿਆ। ਬੱਚਿਆਂ ਨੇ ਬਾਬਾ ਸਾਹਿਬ ਦੇ ਜੀਵਨ ’ਤੇ ਪਰਚਾ ਅਤੇ ਕਵਿਤਾਵਾਂ ਪੜ੍ਹੀਆਂ। ਸੰਸਥਾ ਵੱਲੋਂ ਲੇਖਕ ਅਨਿਲ ਆਦਮ ਦੀ ਕਾਵਿ ਪੁਸਤਕ ‘26 ਸਾਲ ਬਾਅਦ’ ਲੋਕ ਅਰਪਿਤ ਕੀਤੀ ਗਈ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਪੱਤਰਕਾਰ ਮੋਹਿੰਦਰਪਾਲ ਸਿੰਘ ਕਾਹਲੋਂ, ਗੀਤਕਾਰ ਸੁਰਜੀਤ ਸੰਧੂ, ਅਜੇਪਾਲ ਸਿੰਘ, ਨਵਰਾਜ ਸਿੰਘ, ਸਤਵਿੰਦਰ ਕੌਰ, ਰਿਤੂ ਵਾਗਲਾ, ਅਨੀਤਾ, ਰੇਸ਼ਮ ਕੌਰ, ਅਮਰਨਾਥ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਡਿੰਪਲ ਬਾਲੀ ਆਦਿ ਹਾਜ਼ਰ ਸਨ। ਸਮਾਰੋਹ ਦੇ ਅੰਤ ਵਿੱਚ ਪੰਜਾਬੀ ਸ਼ਾਇਰ ਅਤੇ ਪਦਮਸ੍ਰੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ad